Thursday 3 September 2020

ਯਾਦ ਕਰਕੇ

 ਸ਼ਿਅਰ ਪੜ੍ਹ ਕੇ ਤੇ ਆਪੇ ਇਰਸ਼ਾਦ ਕਰਕੇ

ਨੀ ਤੂੰ ਰੋਇਆ ਕਰੇਂਗੀ ਸਾਨੂੰ ਯਾਦ ਕਰਕੇ

ਧੰਨ ਮਾੜੀਆਂ ਮੁਨਾਰੇ ਅਸੀਂ ਤੇਰੇ ਉੱਤੇ ਵਾਰੇ
ਤੇਰੇ ਪਿੱਛੇ ਅਸੀਂ ਛੱਡ ਹੀਰੇ ਤਖਤ ਹਜਾਰੇ
ਪੁੱਤ ਜੱਟ ਦੇ ਨੂੰ ਰੱਖ ਦਿੱਤਾ ਸਾਧ ਕਰਕੇ

ਜਦੋਂ ਯਾਦ ਆਉਂਦੇ ਵਾਅਦੇ ਤੇਰੇ ਲਾਰੇ ਤੇਰੀ ਗੱਲਾਂ
ਸਾਡੀ ਅੱਖਾਂ ਚ ਸਮੁੰਦਰ ਵੀ ਮਾਰਦਾ ਏ  ਛੱਲਾਂ
ਸਾਨੂੰ (ਦੱਸ)ਛਡਿਆ ਤੂੰ ਕਿਹੜੇ ਅਪਰਾਧ ਕਰਕੇ

ਨੀ ਤੂੰ ਚੂਰੀ ਚ ਮਿਲਾ ਜਾਂਦੀ ਸੰਖੀਏ ਦੀ ਪੂੜੀ
ਨਾ ਮੈਂ ਕੁੰਡਲਾਂ ਪੂਆਂਦਾ , ਪਿੰਡੇ ਮਲ਼ਦਾ ਨਾ ਧੂੜੀ
ਹੱਥੀਂ ਤੁਰ ਜਾਂਦੀ ਮੋਇਆਂ ਦਾ ਸ਼ਰਾਧ ਕਰਕੇ

ਭਾਵੇਂ ਭੁੱਲ ਜਾਵੀਂ ਹੀਰੇ ਨੀ ਤੂੰ "ਸੈਣੀ" ਨੂੰ ਬੇ-ਸ਼ੱਕ
ਸਾਡੀ ਨੀਦਰਾਂ ਉਡਾਕੇ ਕਿਵੇਂ ਲਾ ਲੈ ਗੀ ਤੂੰ ਅੱਖ
ਤੇਰੇ ਸੁਫ਼ਨੇ ਚ ਆਵਾਂਗਾ ਮੈਂ ਝਾਤ ਕਰਕੇ


Tuesday 19 March 2019

ਜਿੰਦਗੀ



ਢਿੱਡ ਦੀ ਅੱਗ ਏ ਬੁਝਦੀ ਨਾ ਜਜ਼ਬਾਤਾਂ ਨਾਲ
ਜ਼ਿੰਦਗੀ ਘੁਲ਼ਦੀ ਰਹਿੰਦੀ ਤਵੇ ਪਰਾਤਾਂ ਨਾਲ

ਰੱਖ ਸਬਰ ਬਸ ਥੋੜਾ ਸੂਰਜ ਉੱਗ ਪੈਣਾ

ਕਰ ਲਈਂ ਨਾਂ ਸਮਝੌਤਾ ਕਿੱਧਰੇ ਰਾਤਾਂ ਨਾਲ

ਕੀ ਐ ਤੇਰੇ ਦਿਲ ਵਿਚ ਸੱਜਣਾ ਜਾਣ ਲਿਆ

ਨਾ ਪ੍ਰਚਾਵਈ ਤੂੰ ਮੈਨੂੰ ਹੁਣ ਬਾਤਾਂ ਨਾਲ

ਹੱਥ ਸਲਾਮਤ ਪੱਥਰ ਤੋੜ ਕੇ ਧਰ ਦਈਏ

ਪਰ ਰੋਟੀ ਨਾ ਖਾਈਏ ਕਦੇ ਖੈਰਾਤਾਂ ਨਾਲ

"ਸੈਣੀ" ਸਬਰ ਦਾ ਬੰਨ੍ਹ ਜਦੋਂ ਟੁੱਟ ਜਾਵੇ ਤਾਂ

ਦੋ ਦੋ ਹੱਥ ਵੀ ਕਰ ਲਈ ਦੇ ਹਾਲਾਤਾਂ ਨਾਲ



Modren ਰਾਂਝੇ

ਰਾਂਝਾ ਲੱਭਦਾ ਨਾ ਬੇਲੇ ,ਹੀਰ ਘੁੱਮਦੀ ਆ ਮੇਲੇ
ਪੂਰੇ Hightech ਹੋ ਗਏ ਨਵੇਂ ਗੋਰਖਾਂ ਦੇ ਚੇਲੇ
ਹੁਣ ਵੰਝਲੀ ਵਜਾਉਂਣੀ ਗੱਲ ਹੋ ਗਈ ਏ ਪੁਰਾਣੀ
ਅੱਜ ਰਾਂਝੇ ਕੋਲੋਂ ਮੱਝੀਆਂ ਵੀ ਹੁੰਦੀਆਂ ਨਾ ਚਾਰ
ਹੁਣ ਸੋਹਣੀ ਵੀ ਝਨਾਅ ਨਾ ਕਰੇ ਘੜਿਆਂ ਤੇ ਪਾਰ
ਕਦੇ ਹੁੰਦੀ ਥੱਲੇ Audi ਕਦੇ ਹੁੰਦੀJaguar

ਪੁੰਨੂੰ ਅੱਜ ਦਾ ਇਹ ਕਰਦਾ ਨਾ ਡਾਚੀਆਂ ਤੇ ਸੈਰ
ਹੁਣ ਸੱਸੀ ਵੀ ਨਾ ਰੱਖਦੀ ਪਜੈਰੋ ਥੱਲੇ ਪੈਰ
ਨਾ ਓਹ ਰੇਤ ਵਿਚ ਸੜੇ ਤੇ ਨਾ ਪੁੰਨੂੰ ਪੁਨੂੰ ਕਰੇ
ਓਹ ਤਾਂ ਜਾਕੇ ਮਨਸੂਰੀ ਵਿੱਚ ਲੁੱਟਦੀ ਬਹਾਰ

ਹੀਰ ਕੋਲੋਂ ਹੁਣ ਜਾਂਦੀਆਂ ਨਾ ਚੂਰੀਆਂ ਖਵਾਈਆਂ
ਬੱਸ order ਤੇ ਘਰੇ ਆਵੇ ਪੀਜ਼ਾ ਮਠਿਆਈਆਂ
ਕਿ Gucci ਕੀ Prada ਰਾਂਝਾ ਪੂਰਾ ਕਰੇ ਵਾਧਾ
ਬਾਪੂ ਦੇਵੇ ਜਿਹੜੀ ਫ਼ੀਸ ਹੀਰ ਜਾਂਦੀ ਏ ਡਕਾਰ
ਹੁਣ ਸੋਹਣੀ ਵੀ .............

ਅੱਜ ਭਾਈਆਂ ਹੱਥੋਂ ਸਾਹਿਬਾ, ਮਿਰਜ਼ਾ ਨਾ ਮਰਵਾਵੇ
ਬੱਸ ਲੈਕੇ ਦੋ ਗਵਾਹ ਸਿੱਧੀ ਕੋਟ ਵਿਚ ਜਾਵੇ
ਕੋਈ ਟੂੰਮ ਨਾ ਤਗਾਦਾ, ਕੋਈ ਸੱਗੀ ਨਾ ਪਰਾਂਦਾ
ਨਾ ਉਹ ਕਾਜ਼ੀ ਨੂੰ ਬੁਲਾਵੇ ਤੇ ਨਾ ਲੈਂਦੀ ਫੇਰੇ ਚਾਰ

ਉਦੋਂ ਸੋਚਦੀ ਸੀ ਲੈਲਾ ਮੈਂ ਸੁਨੇਹੇ ਕਿੰਜ ਘੱਲਾਂ
ਅੱਜ ਮਜਨੂੰ ਨਾਲ ਹੁੰਦੀਆਂ mobile ਉੱਤੇ ਗੱਲਾਂ
ਜਦ ਯਾਦ ਉਹਦੀ ਆਵੇ, ਬਸ ਨੰਬਰ ਮਿਲਾਵੇ
PU ਪਹੁੰਚ ਜਾਂਦਾ "ਸੈਣੀ" ਫੇਰ ਲੈਕੇ ਝੱਟ ਥਾਰ
ਹੁਣ ਸੋਹਣੀ ..................

ਖਾਰੇ ਮੋਤੀ

ਵਾਂਗ ਤੰਦੂਰ ਦੇ ਤਨ ਵਿੱਚ ਅੱਗਾਂ ਬਲ਼ਦੀਆਂ,
ਅੱਖਾਂ ਖਾਰੇ ਮੋਤੀ ਭਾਰ ਨਾ ਝੱਲਦੀਆਂ।
ਇੰਜ ਲਗਦਾ ਜਿਵੇਂ ਸਦੀਆਂ ਤੋਂ ਅਸੀਂ ਵਿੱਛੜੇ ਆਂ,
ਜਦਕਿ ਸੱਜਣਾਂ ਗੱਲਾਂ ਨੇ ਇਹ ਕੱਲ੍ਹ ਦੀਆਂ।।
ਵਰ੍ਹ ਜਾ ਬੱਦਲ ਬਣਕੇ ਘੋਰ ਘਟਾਵਾਂ ਦਾ,
ਲੂੰਹਦੀਆਂ ਗਰਮ ਹਵਾਵਾਂ ਮਾਰੂਥਲ ਦੀਆਂ।
ਮਰ ਕੇ ਵੀ ਨਾਂ ਸ਼ਾਤ ਹੋਣੀ ਇਹ ਰੂਹ ਮੇਰੀ,
ਬੇਸ਼ੱਕ ਪਾ ਦਈਂ ਬੂੰਦਾਂ ਗੰਗਾਜਲ ਦੀਆਂ।।
ਯਾਦਾਂ ਆਪਣੀਆਂ ਨੂੰ ਵਰਜਕੇ ਰੱਖਿਆ ਕਰ,
ਅੱਠੇ ਪਹਿਰ ਇਹ ਦਿਲ ਦਾ ਬੂਹਾ ਮੱਲ ਦੀਆ।
"ਸੈਣੀ" ਪਲ ਵੀ ਅੱਖ ਲੱਗੇ ਨਾ ਸੌਂਹ ਤੇਰੀ,
ਸਾਰੀ ਰਾਤ ਇਹ ਪਲਕਾਂ ਪੱਖੀ ਝੱਲਦੀਆਂ।।

Sunday 15 January 2017

tinted glass

ਓਹਦੀ ਮਿਠੀਆਂ ਗੱਲਾਂ ਦੇ ਉਤੇ  ਮੈਂ ਮਰ ਗਈ
ਓਹਦੀ ਅੱਖ ਨੀ ਨਸ਼ੀਲੀ ਕੁੜੇ ਜਾਦੂ ਕਰ ਗਈ
ਗੱਲ ਦੱਸਾਂ ਇਕ ਹੋਰ
ਨੀ ਉਹ ਚਿੱਤ ਦਾ ਵੀ ਚੋਰ ,
ਮੇਰੀ ਰਾਤਾਂ ਦੀਆਂ ਨੀਂਦਰਾਂ ਚੁਰਾਵੇ
ਨੀ ਓਹ tinted glass ਵਰਗਾ
ਮੇਰੇ ਦਿਲ ਨੂੰ ਠਾਰਦਾ ਜਾਵੇ।
ਸੋਹਣਾ tinted glass ਵਰਗਾ
ਮੇਰੇ.....

ਓਹਨੂੰ ਪਾਕੇ ਮੈਨੂੰ ਲੱਗੇ ਜਿਵੇ ਜਿੱਤ ਲਿਆ ਜੱਗ
ਸਾਰੇ ਦੁੱਖ ਭੁੱਲ ਜਾਂਦੀ ਜਦੋਂ ਕਰਦਾ ਓਹ Hug
ਜਦ ਯਾਦ ਓਹਦੀ ਆਵੇ
ਦਿਲ ਡਿੱਗ ਡੋਲੇ ਖਾਵੇ
ਚਾਰੇ ਘੁੰਮਣ ਮੰਜੀ ਦੇ ਪਾਵੇ
ਨੀ ਓਹ tinted glass ਵਰਗਾ
ਮੇਰੇ ਦਿਲ ਨੂੰ ਠਾਰਦਾ ਜਾਵੇ।
ਸੋਹਣਾ tinted glass ਵਰਗਾ
ਮੇਰੇ.....

ਇੱਕ ਸੋਹਣਾ ਤੇ ਸੁਨੱਖਾ ਬੰਨੇ ਪੋਚ ਪੋਚ ਪੱਗ
ਬਾਹਲਾ ਡਰਦੀ ਨਾ ਤੱਕਾਂ ਜਾਵੇ ਨਜ਼ਰ ਨਾ ਲੱਗ
ਜੇ ਮੈਂ ਕਰਾਂ propose
ਓਹਨੂੰ ਦੇ ਕੇ Red Rose
ਡਰ ਲੱਗਦਾ ਮੁੱਕਰ ਨਾ ਜਾਵੇ
ਨੀ ਓਹ tinted glass ਵਰਗਾ
ਮੇਰੇ ਦਿਲ ਨੂੰ ਠਾਰਦਾ ਜਾਵੇ।
ਸੋਹਣਾ tinted glass ਵਰਗਾ
ਮੇਰੇ.....

ਨਸ਼ੇ ਪੱਤੇ ਦਾ ਨਾ ਆਦੀ, ਖਾਵੇ ਨਾਗਣੀ ਨਾ ਕਾਲ਼ੀ
ਨਾਹੀਂ ਡੱਬ ਵਿੱਚ ਘੋੜਾ ,ਤੇ ਨਾ ਮੋਢੇ ਤੇ ਦੁਨਾਲ਼ੀ
ਨਾ ਹੀ ਮਰਦਾ ਬੜਕ
ਤੇ ਨਾ ਰੱਖਦਾ ਮੜਕ
ਭੋਲ਼ਾਪਣ ਓਹਦਾ ਮਾਰ ਹੀ ਮੁਕਾਵੇ
ਨੀ ਓਹ tinted glass ਵਰਗਾ
ਮੇਰੇ ਦਿਲ ਨੂੰ ਠਾਰਦਾ ਜਾਵੇ
ਸੋਹਣਾ tinted glass ਵਰਗਾ
ਮੇਰੇ.....

ਉਹ ਵੀ ਰੱਖਦਾ ਏ ਮੇਰੇ ਲਈ ਸਿੱਕ ਪਿਆਰ ਦੀ
ਪਰ ਲੱਗਦਾ ਏ ਡਰ ਓਹਦੀ ਚੁੱਪ ਮਾਰਦੀ
ਲਵਾਂ ਓਹਦੇ ਨਾਲ ਲਾਵਾਂ
ਏਹੋ ਰੱਬ ਨੂੰ ਦੁਆਵਾਂ
Surname "ਮਸੂਤੇ" ਲਗ ਜਾਵੇ
ਨੀ ਓਹ tinted glass ਵਰਗਾ
ਮੇਰੇ ਦਿਲ ਨੂੰ ਠਾਰਦਾ ਜਾਵੇ।
ਸੋਹਣਾ tinted glass ਵਰਗਾ
ਮੇਰੇ.....