Tuesday, 19 March 2019

ਜਿੰਦਗੀ



ਢਿੱਡ ਦੀ ਅੱਗ ਏ ਬੁਝਦੀ ਨਾ ਜਜ਼ਬਾਤਾਂ ਨਾਲ
ਜ਼ਿੰਦਗੀ ਘੁਲ਼ਦੀ ਰਹਿੰਦੀ ਤਵੇ ਪਰਾਤਾਂ ਨਾਲ

ਰੱਖ ਸਬਰ ਬਸ ਥੋੜਾ ਸੂਰਜ ਉੱਗ ਪੈਣਾ

ਕਰ ਲਈਂ ਨਾਂ ਸਮਝੌਤਾ ਕਿੱਧਰੇ ਰਾਤਾਂ ਨਾਲ

ਕੀ ਐ ਤੇਰੇ ਦਿਲ ਵਿਚ ਸੱਜਣਾ ਜਾਣ ਲਿਆ

ਨਾ ਪ੍ਰਚਾਵਈ ਤੂੰ ਮੈਨੂੰ ਹੁਣ ਬਾਤਾਂ ਨਾਲ

ਹੱਥ ਸਲਾਮਤ ਪੱਥਰ ਤੋੜ ਕੇ ਧਰ ਦਈਏ

ਪਰ ਰੋਟੀ ਨਾ ਖਾਈਏ ਕਦੇ ਖੈਰਾਤਾਂ ਨਾਲ

"ਸੈਣੀ" ਸਬਰ ਦਾ ਬੰਨ੍ਹ ਜਦੋਂ ਟੁੱਟ ਜਾਵੇ ਤਾਂ

ਦੋ ਦੋ ਹੱਥ ਵੀ ਕਰ ਲਈ ਦੇ ਹਾਲਾਤਾਂ ਨਾਲ



Modren ਰਾਂਝੇ

ਰਾਂਝਾ ਲੱਭਦਾ ਨਾ ਬੇਲੇ ,ਹੀਰ ਘੁੱਮਦੀ ਆ ਮੇਲੇ
ਪੂਰੇ Hightech ਹੋ ਗਏ ਨਵੇਂ ਗੋਰਖਾਂ ਦੇ ਚੇਲੇ
ਹੁਣ ਵੰਝਲੀ ਵਜਾਉਂਣੀ ਗੱਲ ਹੋ ਗਈ ਏ ਪੁਰਾਣੀ
ਅੱਜ ਰਾਂਝੇ ਕੋਲੋਂ ਮੱਝੀਆਂ ਵੀ ਹੁੰਦੀਆਂ ਨਾ ਚਾਰ
ਹੁਣ ਸੋਹਣੀ ਵੀ ਝਨਾਅ ਨਾ ਕਰੇ ਘੜਿਆਂ ਤੇ ਪਾਰ
ਕਦੇ ਹੁੰਦੀ ਥੱਲੇ Audi ਕਦੇ ਹੁੰਦੀJaguar

ਪੁੰਨੂੰ ਅੱਜ ਦਾ ਇਹ ਕਰਦਾ ਨਾ ਡਾਚੀਆਂ ਤੇ ਸੈਰ
ਹੁਣ ਸੱਸੀ ਵੀ ਨਾ ਰੱਖਦੀ ਪਜੈਰੋ ਥੱਲੇ ਪੈਰ
ਨਾ ਓਹ ਰੇਤ ਵਿਚ ਸੜੇ ਤੇ ਨਾ ਪੁੰਨੂੰ ਪੁਨੂੰ ਕਰੇ
ਓਹ ਤਾਂ ਜਾਕੇ ਮਨਸੂਰੀ ਵਿੱਚ ਲੁੱਟਦੀ ਬਹਾਰ

ਹੀਰ ਕੋਲੋਂ ਹੁਣ ਜਾਂਦੀਆਂ ਨਾ ਚੂਰੀਆਂ ਖਵਾਈਆਂ
ਬੱਸ order ਤੇ ਘਰੇ ਆਵੇ ਪੀਜ਼ਾ ਮਠਿਆਈਆਂ
ਕਿ Gucci ਕੀ Prada ਰਾਂਝਾ ਪੂਰਾ ਕਰੇ ਵਾਧਾ
ਬਾਪੂ ਦੇਵੇ ਜਿਹੜੀ ਫ਼ੀਸ ਹੀਰ ਜਾਂਦੀ ਏ ਡਕਾਰ
ਹੁਣ ਸੋਹਣੀ ਵੀ .............

ਅੱਜ ਭਾਈਆਂ ਹੱਥੋਂ ਸਾਹਿਬਾ, ਮਿਰਜ਼ਾ ਨਾ ਮਰਵਾਵੇ
ਬੱਸ ਲੈਕੇ ਦੋ ਗਵਾਹ ਸਿੱਧੀ ਕੋਟ ਵਿਚ ਜਾਵੇ
ਕੋਈ ਟੂੰਮ ਨਾ ਤਗਾਦਾ, ਕੋਈ ਸੱਗੀ ਨਾ ਪਰਾਂਦਾ
ਨਾ ਉਹ ਕਾਜ਼ੀ ਨੂੰ ਬੁਲਾਵੇ ਤੇ ਨਾ ਲੈਂਦੀ ਫੇਰੇ ਚਾਰ

ਉਦੋਂ ਸੋਚਦੀ ਸੀ ਲੈਲਾ ਮੈਂ ਸੁਨੇਹੇ ਕਿੰਜ ਘੱਲਾਂ
ਅੱਜ ਮਜਨੂੰ ਨਾਲ ਹੁੰਦੀਆਂ mobile ਉੱਤੇ ਗੱਲਾਂ
ਜਦ ਯਾਦ ਉਹਦੀ ਆਵੇ, ਬਸ ਨੰਬਰ ਮਿਲਾਵੇ
PU ਪਹੁੰਚ ਜਾਂਦਾ "ਸੈਣੀ" ਫੇਰ ਲੈਕੇ ਝੱਟ ਥਾਰ
ਹੁਣ ਸੋਹਣੀ ..................

ਖਾਰੇ ਮੋਤੀ

ਵਾਂਗ ਤੰਦੂਰ ਦੇ ਤਨ ਵਿੱਚ ਅੱਗਾਂ ਬਲ਼ਦੀਆਂ,
ਅੱਖਾਂ ਖਾਰੇ ਮੋਤੀ ਭਾਰ ਨਾ ਝੱਲਦੀਆਂ।
ਇੰਜ ਲਗਦਾ ਜਿਵੇਂ ਸਦੀਆਂ ਤੋਂ ਅਸੀਂ ਵਿੱਛੜੇ ਆਂ,
ਜਦਕਿ ਸੱਜਣਾਂ ਗੱਲਾਂ ਨੇ ਇਹ ਕੱਲ੍ਹ ਦੀਆਂ।।
ਵਰ੍ਹ ਜਾ ਬੱਦਲ ਬਣਕੇ ਘੋਰ ਘਟਾਵਾਂ ਦਾ,
ਲੂੰਹਦੀਆਂ ਗਰਮ ਹਵਾਵਾਂ ਮਾਰੂਥਲ ਦੀਆਂ।
ਮਰ ਕੇ ਵੀ ਨਾਂ ਸ਼ਾਤ ਹੋਣੀ ਇਹ ਰੂਹ ਮੇਰੀ,
ਬੇਸ਼ੱਕ ਪਾ ਦਈਂ ਬੂੰਦਾਂ ਗੰਗਾਜਲ ਦੀਆਂ।।
ਯਾਦਾਂ ਆਪਣੀਆਂ ਨੂੰ ਵਰਜਕੇ ਰੱਖਿਆ ਕਰ,
ਅੱਠੇ ਪਹਿਰ ਇਹ ਦਿਲ ਦਾ ਬੂਹਾ ਮੱਲ ਦੀਆ।
"ਸੈਣੀ" ਪਲ ਵੀ ਅੱਖ ਲੱਗੇ ਨਾ ਸੌਂਹ ਤੇਰੀ,
ਸਾਰੀ ਰਾਤ ਇਹ ਪਲਕਾਂ ਪੱਖੀ ਝੱਲਦੀਆਂ।।