Thursday, 21 March 2013

ਵੇ ਮੁੰਡਿਆਂ ਵਾਲਿਓ



ਸੁਣੋ ਏਦਾਂ ਹੀ ਰਹੇ ਜੇ ਅਸੀਂ ਕੁੱਖਾਂ ਵੱਢਦੇ
ਹੋਰ ਚੋਂਹ ਸਾਲਾ ਨੂੰ ਫਿਰਾਂਗੇ ਹੱਥ ਅੱਡਦੇ
ਦਰ ਦਰ ਫਿਰਾਂਗੇ ਵਿਚੋਲਿਆਂ ਨੂੰ ਲੈਕੇ
ਥੋਡੇ ਪੁੱਤ ਦੀ ਕਰਾਣੀ ਨਾ ਕਿਸੇ ਨੇ ਮੰਗਣੀ
ਵੇ ਮੁੰਡਿਆਂ ਵਾਲਿਓ
ਤੁਸੀਂ ਲੱਭਦੇ ਫਿਰੋਗੇ ਵਹੁੱਟੀ ਨਹੀਂ ਜੇ ਲੱਭਣੀ

ਜੇ ਥੋਡੇ ਜਿਹੀ ਸੋਚ ਹੋ ਗਈ ਸਾਰੀਆਂ ਦੀ
ਹੋਊਗਾ ਕੀ ਦੇਸ ਦਾ ਭਵਿਖ
ਪੈ ਜੂ ਕੁੜੀਆਂ ਦਾ ਕਾਲ
ਇਥੇ ਹੋਣਾ ਬੁਰਾ ਹਾਲ
ਰਿਹਾ ਸ਼ੀਸ਼ੇ ਵਿੱਚ ਦਿਖ
ਹਾਏ ਆਂਦਰਾਂ ਦਾ ਖੂਨ ਹੱਥੀਂ ਕਰਨ ਤੋਂ ਪਹਿਲਾਂ
ਪੈਂਦੀ ਹੋਊਗੀ ਜ੍ਮੀਰ ਕਿਸੇ ਕੋਨੇ ਦੱਬਣੀ
ਵੇ ਮੁੰਡਿਆਂ ਵਾਲਿਓ ..............||


ਕੁੱਖ ਵਿੱਚ ਰੱਬ ਅੱਗੇ ਕਰਦੀ ਦੁਆਵਾਂ
ਮੈਨੂੰ ਨਾਂ ਮਾਰਿਓ
ਏਹਨੇ   ਦੁਨੀਆਂ ਤੇ ਆਕੇ
ਇਕ ਲਿਆ ਵੀ ਨਾਂ ਸਾਹ
ਸੋਚੋ ਹਤਿਆਰਿਓ
ਪੜ੍ਹ- ਪੜ੍ਹ ਥੋਡੇ ਕਾਰਨਾਮੇ ਅਖਬਾਰਾਂ ਵਿੱਚ
ਪੈਂਦੀ ਦੰਦਾਂ ਦੇ ਥੱਲੇ ਜੀਭ ਦੱਬਣੀ
ਵੇ ਮੁੰਡਿਆਂ ਵਾਲਿਓ ..............||

ਹਾਏ ਏਡਾ ਵੱਡਾ ਜੇਰਾ
ਤੁਸੀਂ ਕਰ ਲੈਂਦੇ ਕਿੱਦਾਂ
ਮੈਨੂੰ ਦੱਸੋ ਮਾਪਿਓ
ਕਦ ਥੋਡਾ ਵੱਡਾ
ਪਰ ਆਤਮਾਂ ਏ ਬੌਨੀ
ਲੈਕੇ ਫੀਤਾ ਨਾਪਿਓ
ਲੱਗਦਾ ਮੈਨੂੰ ਤੂੰ ਵੀ ਭੈਣ ਉਹਦੀ ਦੁੱਜੀ
ਬੱਚੇ ਜੰਮ ਕੇ ਜੋ ਆਪੇ ਖਾ ਜਾਂਦੀ ਸੱਪਣੀ
ਵੇ ਮੁੰਡਿਆਂ ਵਾਲਿਓ ..............||
ਗੁਰਮੁਖ ਸਿੰਘ “ਸੈਣੀ”




Tuesday, 19 March 2013

Approach



ਮੇਰੇ ਬਾਰੇ ਕੁਝ ਸੋਚ ਵੇ ਸੱਜਣਾ
ਮੇਰੇ ਬਾਰੇ ਕੁਝ ਸੋਚ
ਦਿਲ ਮੇਰੇ ਨੂੰ ਕੈਦ ਤੂੰ ਕੀਤਾ
 ਤੂੰ ਹੀ ਲਾ approach
 ਵੇ ਸੱਜਣਾ, ਮੇਰੇ ਬਾਰੇ .......||

ਜੱਦ ਵੇਖਾਂ ਮੈਂ ਤੇਰੇ ਵੱਲੀਂ
ਲੋਕੀਂ ਮੈਨੂੰ ਆਖਣ ਝੱਲੀ
ਪ੍ਰਵਾਹ ਨਹੀਂ ਮੈਨੂੰ ਏਸ ਜੱਗ ਦੀ
ਕੱਢੀ ਜਾਣ ਨਗੋਚ
ਵੇ ਸੱਜਣਾ, ਮੇਰੇ ਬਾਰੇ .......||

ਮੈਂ ਨਹੀ ਬਣਨਾ ਹੀਰ ਜਾਂ ਸੋਹਣੀ
ਦੋਵਾਂ ਨਾਲ ਵਾਪਰ ਗਈ ਹੋਣੀ
ਨਾਂ  ਬਣਨਾ  ਪੁਨੂੰ ਦੀ ਸੱਸੀ
ਛੱਡ ਤੁਰ ਜਾਣ ਬਲੋਚ
ਵੇ ਸੱਜਣਾ, ਮੇਰੇ ਬਾਰੇ .......||

ਆਸ਼ਕ ਦੀ ਵੀ ਕੀ ਜਿੰਦਗਾਨੀ
ਦਿਲ ਆਪਣਾ ਤੇ ਪੀੜ ਬਿਗਾਨੀ
ਜੰਗਲ ਜੰਗਲ ਯਾਰ ਢੂੰਢੇਂਦੇ
ਪੈਰ ਰੱਖਣ ਨਾਂ ਬੋਚ
ਵੇ ਸੱਜਣਾ, ਮੇਰੇ ਬਾਰੇ .......||

ਗੁਰਮੁਖ ਸਿੰਘ “ਸੈਣੀ”






Sunday, 17 March 2013

ਮੇਰਾ ਪਿੰਡ




ਬਦਲ ਗਏ ਨੇ ਕੰਮ ਪਿੰਡਾਂ ਦੇ,
ਬਦਲ ਗਏ ਸਭ ਧੰਦੇ|
ਮੈਨੂੰ ਬਦਲੇ-ਬਦਲੇ ਲਗਦੇ,
ਪਿੰਡ ਮੇਰੇ ਦੇ ਬੰਦੇ ||

ਜਿਸ ਨੂੰ ਦੇਖੋ ਹਰ ਕੋਈ –
ਆਪਣੀ ਧੁਨ ਵਿਚ ਤੁਰਿਆ ਫਿਰਦਾ |
ਹੁਣ ਓ ਯਾਰ ਨਾ ਲੱਭਦੇ,
ਜਿਹੜੇ ਤੁਰਨ ਮਿਲਾ ਕੇ ਕੰਧੇ ||

ਗੈਂਦੇ ਦੀ ਓਹ ਮਹਿਕ ਹਵਾ ਚ ,
ਹੁਣ ਨਾਂ ਕਿਧਰੋਂ ਆਓਂਦੀ,
ਬਸ ਧੁਏਂ ਦੇ ਬੱਦਲ ਉੱਡਦੇ ,
ਜਹਿਰੀ ਪਾਣੀ ਗੰਦੇ ||

ਟੀਵੀ ਵੀਡੀਓ ਗੇਮਾਂ ਦੇ ਵਿੱਚ,
ਖੋ ਕੇ ਰਹਿ ਗਿਆ ਬਚਪਨ |
ਨਾਂ ਹੁਣ ਲੁਕਣ ਮਚਾਈ ਖੇਡਣ,
ਨਾਂ ਕੋਈ ਗੁੱਲੀ ਡੰਡੇ ||

ਚਿੜੀਆਂ ਦੀ ਓਹ ਡਾਰ ਪਿੰਡਾਂ ਵਿੱਚ,
ਵਰੀਵੀਂ  ਨਜਰੀਂ ਆਂਦੀ |
ਫੋਨ ਟਾਵਰਾਂ ਦੀ ਹੱਦ ਅੰਦਰ ,
ਨਾਂ ਮਹਿਫੂਜ਼ ਪਰਿੰਦੇ ||

ਤਾਜਮਹਿਲ ਬਣਾ ਕੇ ਕਈਂ  ਤਾਂ ,
ਤੁਰ ਗਏ ਮੁਲਖ਼ ਬਿਗਾਨੇ
ਮੀਨਾਕਾਰੀ ਦਰਵਾਜਿਆਂ ਨੂੰ
ਸੋਭਾਈਮਾਨ ਜੰਦੇ ||

ਸ਼ਾਮ  ਢਲੀ ਤੋਂ ਆਪਣੇ ਪਿੰਡ ਨੂੰ ,
ਖੋਫ਼ ਜਿਹਾ ਖਾ ਜਾਂਦਾ |
ਚੋਰ ਉਚੱਕੇ ਲਾਕੇ ਬਹਿੰਦੇ ,
ਚੋਰਾਹਿਆਂ ਤੇ ਫੰਦੇ ||

ਖੜ ਕੇ ਦੁਖ-ਸੁਖ ਪੁੱਛਣ ਦਾ,
ਹੁਣ ਟਾਈਮ ਕਿਹਦੇ ਕੋਲ “ਸੈਣੀ”|
ਦੂਰੋਂ ਹਥ ਹਿਲਾ ਕੇ ਦੱਸਦੇ ,
ਮਹਿਰਮ ਹਾਲ ਦਿਲਾਂ ਦੇ ||