Wednesday, 13 March 2013

ਅਰਜੋਈ

ਆ ਸਮਿਆ ਰੁਕ ਦੋ ਘੜੀਆਂ ਤੈਨੂੰ ਦਿਲ ਦਾ ਹਾਲ ਸੁਣਾਵਾਂ 

ਲੈ ਜਾ ਦੇਵੀਂ ਸੱਜਣਾ ਨੂੰ ਮੇਰੇ ਹੰਝੂਆਂ ਦਾ ਸਿਰਨਾਵਾਂ 


ਇਕ ਦਿਨ ਤੱਕੀ ਵੇਹਿੜੇ ਵਿਚ

 ਮੈਂ ਸਾਵਣ ਦੀ ਰੁੱਤ ਮੋਈ

ਬੁੱਲਾਂ ਤੇ ਸ਼ਿਕਵਾ ਸੀ ਉਸਦੇ ,

 ਨੈਣਾਂ ਤੇ ਅਰਜੋਈ 

ਖੁੱਲੀਆਂ ਅਖਾਂ ਤੋਂ ਇੰਜ ਜਾਪੇ ,

 ਹੁਣੇ ਰੋਈ ਕੇ ਰੋਈ 

ਦੇਰ ਰਾਤ ਗਿਆਂ ਆਈ ਚਾਨਣੀ 

ਹੋਰ ਨਾ ਆਇਆ ਕੋਈ

ਕਿੰਜ ਕਰਾਂ ਏਹਦੀ ਤਿਆਰ ਮੈਂ ਅਰਥੀ 

ਕਿੰਜ ਇਸ ਨੂੰ ਦਫਨਾਵਾਂ

ਆ ਸਮਿਆ ...........................................||


ਫੇਰ ਆਇਆ ਗਮ ਬੰਨ ਕੇ ਸਿਹਰਾ

ਉਸ ਮੈਨੂੰ ਪ੍ਰ੍ਨਾਇਆ

ਨਾ ਉਸ ਕੀਤਾ ਦਾਨ ਕਿਸੇ ਨੂੰ

ਨਾ ਉਸ ਵਟਣਾ ਲਇਆ

ਪੇ ਮੇਰੇ ਉਹਦਾ ਕੁਝ ਨਾ ਤਕਿਆ

ਬਸ ਉਸ ਤੱਕੀ ਮਾਇਆ 

ਪੱਜ ਧੁਏਂ ਦੇ ਮੈਂ ਪਈ ਰੋਵਾਂ 

ਹਾਲ ਨਾ ਕਿਸੇ ਜਤਾਇਆ 

ਹੰਝੂ ਬਣੇ ਬਰਾਤੀ

 ਨੱਚੇ ਕਰ ਕਰ ਉਚੀਆਂ ਬਾਹਵਾਂ 

ਆ ਸਮਿਆ ...........................................||

 

ਹੁਣ ਤਾਂ ਅਰਥਹੀਣ ਪਿਆ ਜਾਪੇ 

ਜੋ ਇਹ ਜੀਵਨ ਮੇਰਾ 

ਧੋਖੇ ਨਾਲ ਇਕ ਰਾਤ ਕਲੂਟੀ

ਲੈ ਗਈ ਮੁੱਲ ਸਵੇਰਾ 

ਚੰਨਾ ਵੇ ਅੱਜ ਤੇਰੀ ਚਾਨਣੀ

 ਹੋ ਗਈ ਬਦਲਾਂ ਦੇ ਓਹਲੇ

ਦਿੱਤੇ ਸੀ ਜੀ ਬਚਨ ਤੁਸਾਂ ਨੂੰ

ਪੈ ਗਏ ਨੇ ਸਭ ਪੋਲੇ

ਚੰਗਾ ਹੁੰਦਾ ਸੋਹਣੀ ਵਾਂਗੂੰ 

ਹੜ੍ਹ ਜਾਂਦੀ ਵਿਚ ਦਰਿਆਵਾਂ 

ਆ ਸਮਿਆ ...........................................||

 

ਤੂੰ ਮੁੜ ਜਾ ਪੁਨਿਆਂ ਦੇ ਚੰਨਾ 

ਕਿਉਂ ਕਰ ਇਥੇ ਆਇਆ

ਵੇਹੰਦਾ ਨੀ ਮੇਰੇ ਮੱਥੇ ਟਿੱਕਾ 

ਮਾਂਗ ਸਿੰਧੂਰ ਸਜਾਇਆ

ਰਾਤ ਹਨੇਰੀ ਨਣਦ ਮੇਰੀ ਨੇ 

ਕਦੇ ਨਾ ਵਟਿਆ ਪਾਸਾ 

ਹੁਣ ਆਇਆ ਤੂੰ ਕੰਨ ਪੜਵਾ ਕੇ 

ਹਥ ਵਿਚ ਲੈ ਕੇ ਕਾਸਾ ?

ਮਰਾਂ ਜੀਵਾਂ ਹੁਣ ਖੇੜਿਆਂ ਵਿਚ

ਪਰ "ਸੈਣੀ" ਸੰਗ ਨਾ ਜਾਵਾਂ 

ਆ ਸਮਿਆ ...........................................||


ਗੁਰਮੁਖ ਸਿੰਘ "ਸੈਣੀ"

No comments:

Post a Comment