Tuesday, 12 March 2013

ਸੁਗਨ ਤਾਇਆ



ਓਦੂਂ ਮੈਂ ਨਿੱਕਾ ਹੁੰਦਾ ਸੀ , ਜਦੋਂ ਸੁਗਨ ਤਾਏ ਨੂੰ ਵੇਖਣਾ, ਰੰਗ ਇਕ ਦਮ ਕਾਲਾ ਸਾਅ , ਚਿੱਟੇ ਕੱਪੜੇ ਹੱਥ ਵਿੱਚ ਹੁੱਕੀ ਤੇ ਪੈਰ ਚਰਕ ਚਰਕ ਕਰਦੀ ਧੌੜੀ ਦੀ ਜੁੱਤੀ, ਘਰ ਬੈਠੀਆਂ ਦੂਰੋ ਹੀ ਪਤਾ ਲੱਗ ਜਾਂਦਾ ਬਈ ਸੁਗਨ ਤਾਇਆ  ਆ ਰਿਹਾ ......... ਤੇ ਜਨਾਨੀਆਂ ਨੇ ਪਹਿਲਾਂ ਹੀ ਘੁੰਡ ਕੱਢ ਲੈਣੇ | ਬਚਿਆਂ ਨੂੰ ਤਾਇਆ ਬੜਾ ਹੀ ਡਾਂਟਦਾ ਹੁੰਦਾ ਸੀ ਪਰ ਮੰਗਲਵਾਰ ਬਚਿਆਂ ਨੂੰ ਬੁਲਾ-ਬੁਲਾ ਕੇ ਪਤਾਸ਼ੇ ਦਿੰਦਾ ਹੁੰਦਾ ਸੀ

“ਓਏ .....ਓਏ ਸ਼ੀਰੇ , ਓਏ ਬਿੱਲੇ..... ਓ ਜੱਗੀ ਕਿੱਥੇ ਮਰਗੇ ਸਾਰੇ ਦੇ ਸਾਰੇ, ਸ਼ੋਹਰੀ ਦੇਓ ਮੈਂ ਥੋਡਾ ਨੌਕਰ ਆਂ ਜੋ ਖੜਿਆ ਰਵਾਂ |” ਜਦੋਂ ਅਸੀਂ ਬਚਿਆਂ ਨੇ ਪਤਾਸ਼ੇ ਲੈਣ ਲਈ ਹੱਥ ਅੱਗੇ ਕਰਨੇ ਤਾਂ ਤਾਏ ਨੇ ਕਹਿਣਾ “ਟਿਕ ਜਾ ਹੁਣ ਤੈਨੂੰ ਭੈਜਲ ਆਗੀ” ਅਸੀਂ ਪਤਾਸ਼ੇ ਲੈਕੇ ਚਲੇ ਜਾਣਾ ਪਰ ਤਾਇਆ ਪਿੱਛੋਂ ਕਿੰਨੀ ਦੇਰ ਤਕ ਬੁੜ –ਬੁੜ ਕਰਦਾ ਰਹਿਦਾ,  “ਸ਼ੌਰੀ ਦੇ ਇੱਲਤੀ ਬੜੇ ਆ......... ਪਤਾ ਨੀ ਇਹਨਾ ਦੀ ਮਾਂ ਨੇ ਕੀ ਖਾ ਕੇ ਜੰਮਿਆ ਇਹਨਾ ਨੂੰ |” ਤਾਇਆ ਬਹੁਤ ਹੀ ਸਿੱਧਰਾ ਸੀ ਇਸ ਬਦਲਦੇ ਜਮਾਨੇ ਦਾ ਵੀ ਤਾਏ ਤੇ ਕੋਈ ਅਸਰ ਨੀ ਸੀ ਹੋਇਆ | ਤਾਏ ਦੇ ਸਿਧਰੇ ਪਣ ਤੋਂ ਕਈ ਕੰਮ ਏਦਾਂ ਦੇ ਹੋਏ ਜੋ ਹਾਲੇ ਤੀਕ ਚਰਚਾ ਦਾ ਵਿਸ਼ਾ ਬਣੇ ਹੋਏ ਨੇ |

ਮੈਨੂੰ ਬਾਪੂ ਜੀ ਨੇ ਦੱਸਿਆ ਕੀ ਜਦੋਂ ਤਾਏ ਦਾ ਵਿਆਹ ਹੋਇਆ ਤਾਂ ਨੇੜ੍ਹੇ –ਤੇੜੇ ਪਿੰਡਾਂ ਚ ਚਰਚੇ ਛਿੜ ਗਏ| ਕਿਓਕੀ ਤਾਇਆ ਇਕ ਦਮ ਕਾਲਾ ਸ਼ਾਅ ਤੇ ਤਾਈ ਅੰਗਰੇਜਣ ਵਾਂਗ ਗੋਰੀ ਚਿੱਟੀ| ਲੋਕਾਂ ਨੇ ਕਹਿਣਾ ਸੁਰੂ ਕਰਤਾ ਬਈ ਚੰਨ ਨੂੰ ਗਰੈਹਣ ਲੱਗ ਗਿਆ , ਜਾਂ ਕਹਿਣਾ ਚਿੱਟੇ ਗੁਲਾਬ ਤੇ ਕਾਂ ਬਹਿ ਗਿਆ | ਉਦੋਂ ਲੋਕਾਂ ਨੇ ਹਬਸ਼ੀਆਂ ਨੂੰ ਨਹੀ ਸੀ ਵੇਖਿਆ ਨਹੀਂ ਤਾਂ ਇਹਨਾ ਤਾਨਿਆਂ ਦੀ ਭਾਸ਼ਾ ਕੁਝ ਹੋਰ ਹੀ ਹੋਣੀ ਸੀ | ਤਾਏ ਦੀ ਮੜ੍ਹੀ ਕਿਸ਼੍ਮਤ, ਓਹਦੇ ਘਰ ਨੂੰ ਲੋਕਾਂ ਦੀ ਨਜਰ ਲੱਗ ਗਈ ਸੀ ........ ਤਾਈ ਮੁੜਦੀ ਗੱਡੀ ਗਈ ਵਾਪਿਸ ਹੀ ਨਹੀਂ ਆਈ , ਤਾਇਆ ਵੀ ਉਸ ਨੂੰ ਲੈਣ ਨੀ ਗਿਆ |

ਅਸੀਂ ਤਾਏ ਨੂੰ ਬੁੱਢ-ਵਰੇਸ ਵਿੱਚ ਹੀ ਦੇਖਿਆ |ਤਾਏ ਦਾ ਪਿੰਡਾ ਏਨਾ ਸਖ਼ਤ ਸੀ ਕੀ ਜਦੋਂ ਓਹ ਨ੍ਹਾਓੰਦਾ ਸੀ ਤਾਂ ਉਸ ਦੇ ਪਿੰਡੇ ਦੀ ਖੜ –ਖੜ ਦੀ ਆਵਾਜ਼ ਸਾਡੇ ਘਰ ਸਾਫ਼ ਸੁਣਾਈ ਦੇਂਦੀ ਸੀ , ਉਂਜ ਤਾਇਆ ਸ੍ਕਿਮੀ ਵੀ ਬੜਾ ਸੀ ਫਸਲ ਦੀ ਗੋਡੀ ਕਰਦੀਆਂ ਤਾਏ ਦੀ ਐਨਕ ਦੋ ਤਿੰਨ ਵਾਰ ਭੁੰਜੇ ਡਿੱਗ ਪਈ, ਤਾਏ ਨੇ ਮੋਟੀ ਜੀ ਰੱਸੀ ਪਾਕੇ ਐਹੀਜੀ ਕਸੀ ਕੀ ਹੁਣ ਬੈਹ੍ਨਦਿਆਂ ਪੈਂਦਿਆ ਨਾਂ ਪਗੜੀ ਡਿੱਗੇ ਨਾਂ ਐਨਕ |

ਇਕ ਵੇਰ ਤਾਏ ਨੂੰ ਤੇਈਆ- ਤਾਪ (ਮਲੇਰਿਆ ) ਹੋ ਗਿਆ | ਲਾਗਲੇ ਕਸਬੇ ਮੁਬਾਰਕ ਪੁਰ ਵਿੱਚ ਇਕ ਡਾਕਟਰ ਸੀ ਜੋਕਿ ਮਲੇਰੀਏ ਦਾ ਸ਼ਰਤੀਆ ਇਲਾਜ ਕਰਦਾ ਸੀ ਤਾਇਆ ਵੀ ਉਸਦੇ ਕੋਲ ਦਵਾਈ ਲੈਣ ਲਈ ਚਲਾ ਗਿਆ | ਉਹਨਾਂ ਵਕਤਾਂ ਚ ਡਾਕਟਰ ਖਾਲੀ ਪੇਟ ਦਵਾਈ ਲੈਣ ਲਈ ਹੀ ਕਹਿੰਦੇ ਸਨ ਨਹੀਂ ਤੇ ਦਵਾਈ ਦਾ ਅਸਰ ਨਹੀਂ ਸੀ ਹੁੰਦਾ ਜਾਂ ਫੇਰ ਹਲਕਾ ਖਾਣਾ ਜਿਵੇਂ ਕੀ ਕੰਗਣੇ ਦੇ ਚਾਵਲ ਖਾਣ ਦੀ ਤਕੀਦ ਕਿਤੀ ਜਾਂਦੀ ਸੀ | ਡਾਕਟਰ ਨੇ ਤਾਏ ਨੂੰ ਦਵਾਈ ਦੇਕੇ ਕਿਹਾ “

ਸੁਗਨ ਐਂ ਕਰੀਂ, ਆਹ ਦਵਾਈ ਤਿੰਨ ਦਿਨ ਚਲਣੀ ਏ ............. ਤੇ ਤੂੰ ਤਿੰਨ ਦਿਨ ਰੋਟੀ ਨਾਂ ਖਾਵੀਂ |”

“ ਨਹੀਂ ਡਾਕਟਰ ਸਾਬ ਮੈਂ ਭੂਖੇ ਪੇਟ ਤੇ ਨਹੀਂ ਰਹਿ ਸਕਦਾ |”

“ਅ...ਛਾ, .......ਕਿੰਨੀਆਂ ਰੋਟੀਆਂ ਖਾਂਦਾ ਏ ?”

“ਇਹੀ ਕੋਈ ਪੰਦਰਾਂ ..... ਸੋ..ਲਾਂ “ ਸੁਗਨ ਨੇ ਥੋੜ੍ਹਾ ਝਿਜਕਦੀਆਂ ਕਿਹਾ |”

“ ਚੰਗਾ ਸੁਗਨ ਐਂ ਕਰੀਂ ਰੋਟੀ ਅੱਧੀ ਕਰ ਦੇ, ਤੂੰ ਅੱਠ ਰੋਟੀਆਂ ਖਾ ਲਿਆ ਕਰੀਂ |”

“ ਠੀਕ” ਸੁਗਨ ਨੇ ਦੋ ਟੁੱਕ ਜਵਾਬ ਦਿੱਤਾ |

ਘਰ ਆ ਕੇ ਤਾਏ ਨੇ ਪਹਿਲਾਂ ਜਿੰਨਾ ਆਟਾ ਗੁਨਿਆਂ ਤੇ ਉਸ ਦੀਆਂ  ਅੱਠ ਰੋਟੀਆਂ ਬਣਾ ਲਈਆਂ | ਬੁਖਾਰ ਤਾਏ ਦਾ ਫੇਰ ਠੀਕ ਨਾਂ ਹੋਇਆ, ਓਹ ਫੇਰ ਡਾਕਟਰ ਕੋਲ ਗਿਆ | ਇਸ ਵਰ ਡਾਕਟਰ ਨੇ ਦਵਾਈ ਦੇ ਕੇ ਚਾਰ ਰੋਟੀਆਂ ਖਾਣ ਨੂੰ ਕਿਹਾ | ਤਾਏ ਨੇ ਓਨਾ ਹੀ ਆਟਾ ਗੁਨਿਆਂ ਉਸ ਦੀਆਂ ਚਾਰ ਬਣਾ ਲਈਆਂ |  ਠੀਕ ਫੇਰ ਨੇ ਹੋਇਆ | ਹੁਣ ਡਾਕਟਰ ਨੇ ਦੋ ਰੋਟੀਆਂ ਖਾਣ ਨੂੰ ਕਿਹਾ | ਬੁਖਾਰ ਫੇਰ ਨਾਂ ਟੁਟਿਆ | ਹੁਣ ਡਾਕਟਰ ਨੇ ਦਵਾਈ ਦੇ ਕੇ ਕਿਹਾ,

“ ਸੁਗਨ ਐ ਕਰ ਤੂੰ ਹੁਣ ਇੱਕ ਰੋਟੀ ਕਰ ਦੇ, ਨਹੀਂ ਤੇ ਤੇਰਾ ........  |”

“ ਗਲਤ ਬਾਤ" ਸੁਗਨ ਨੇ ਵਿਚੋਂ ਗੱਲ ਕਟਦਿਆਂ ਕਿਹਾ ,.....  "ਡਾਕਟਰ ਸਾਬ, ਏਨੇ ਆਟੇ ਦੀ ਇਕ ਰੋਟੀ ਨੀ ਬਣ ਸਕਦੀ ਦੋ ਤਾਂ ਮੈਂ ਬੜ੍ਹੀ ਮੁਸਕਲ ਨਾਲ ਬਣਾਂਦਾ ਸੀ, ਤਵੇ ਤੋਂ ਬਾਹਰ ਡਿੱਗਣ ਆਲੀ ਹੋ ਜਾਂਦੀ ਐ ਸ਼ੋਹਰੇ ਦੀ |” ਸੁਗਨ ਨੇ ਆਪਣੀ ਗੱਲ ਪੂਰੀ ਕਿਤੀ | ਡਾਕਟਰ ਕਦੇ ਦਵਾਈ ਵੱਲ ਵੇਖੇ ਤੇ ਕਦੇ ਸੁਗਨ ਵੱਲ |

ਇਕ ਵੇਰਾਂ ਤਾਏ ਨੇ ਪੜੋਸ ਦੇ ਰੇਡੀਓ ਤੇ ਸੁਣ ਲਿਆ ਬੀ ਸ਼ਿਮਲੇ ਮੰਡੀ ਚ ਟਮਾਟਰਾਂ ਦਾ ਭਾਅ ਚੰਗਾ ਏ | ਤਾਏ ਨੇ ਦੋ ਟੋਕਰੀਆਂ ਟਮਾਟਰਾਂ ਦੀ ਲਈਆਂ , ਸ਼ਿਮਲੇ ਵਾਲੀ ਬਸ ਚੜ ਗਿਆ | ਦੋ ਟੋਕਰੀ ਟਮਾਟਰ ਕਿੰਨੇ ਦੇ ਵਿਕਣੇ ਸੀ , ਬਸ ਦਾ ਕਿਰਾਇਆ ਵੀ ਪੂਰਾ ਨਾ ਪਿਆ ....... ਜੁੱਤੀਆਂ ਵੇਚਣੀਆਂ ਪਈਆਂ ਤਾਂ ਵੀ ਗੱਲ ਨਾਂ ਬਣੀ, ਸ਼ਿਖਰ ਦੁਪਿਹਰੇ ਰਾਮਗੜ ਤੋਂ ਭੁੱਖੇ-ਭਾਣੇ ਨੂੰ ਚਾਰ ਕੋਹ ਪੈਦਲ ਚਲਣਾ ਪਿਆ | ਗਰਮੀ ਚ ਬੁਰਾ ਹਾਲ ਪੈਰਾਂ ਚ ਛਾਲੇ ਪੈ ਗਏ , ਘਰੇ ਆਕੇ ਬੁਖਾਰ ਚੜ ਗਿਆ , ਤਿੰਨ ਦਿਨ ਮੰਜੇ ਤੋਂ ਨੀ ਹਿੱਲਿਆ |

                      ਇਕ ਵਰ ਤਾਏ ਨੂੰ ਬੜ੍ਹੀ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ , ਹੋਇਆ ਇੰਜ ਕੇ ਤਾਇਆ ਆਪਣਾ ਗੱਡਾ ਜੋੜ ਡੇਰਾਬੱਸੀ ਮੰਡੀ ਵਿੱਚ ਅਨਾਜ ਸਿੱਟਣ ਲਈ ਗਿਆ | ਇਕ ਜਨਾਨੀ ਮੁਬਾਰਕਪੁਰ ਤੋ  ਡੇਰਾਬੱਸੀ ਜਾਣ ਲਈ ਹਥ ਦੇ ਕੇ ਬਹਿ ਗਈ | ਮੀਲ ਕੂ ਵਾਟ ਤਹਿ ਕਰਨ ਤੋਂ ਬਾਅਦ ਔਰਤ ਨੇ ਚੁੱਪੀ ਤੋੜਦਿਆਂ ਪੁਛਿਆ |’

“ਭਾਈ ਤੂੰ ਕਿੱਥੇ ਦਾ ਏਂ?”

“ਪੰਡਵਾਲੇ ਕਾ “

ਸੁਗਨ ਨੇ ਜਵਾਬ ਦਿੱਤਾ |

“ ਉਥੇ ਇੱਕ ਸੁਗਨ ਨਾਂ ਦਾ ਬੰਦਾ ਰਹਿੰਦਾ ਏ |” ਔਰਤ ਨੇ ਦੁਬਾਰਾ ਸਵਾਲ ਕਿਤਾ |

“ ਆਹੋ,.... ਤੂੰ ਕਿਵੇਂ ਜਾਣਦੀ ਉਸਨੂੰ ?” ਸੁਗਨ ਨੇ ਗਰਦਣ ਘੁਮਾਂਦਿਆਂ ਉਤ੍ਸੁਕਦਾ ਨਾਲ ਪੁਛਿਆ |

“ ਜੀ ਓਹ ਮੇਰਾ ਘਰਵਾਲਾ ਸੀ “

“ ਉਤਰ ਥੱਲੇ ਤੇਰੀ ਮਾਂ .........ਸ਼ੋਹਰੀ ਕੁੱ..........|

ਉਸ ਨੂੰ ਉਥੇ ਹੀ ਉਤਾਰ ਤਾ , ਸਾਰੇ ਰਾਹ ਮੰਡੀ ਤਕ ਬਲਦਾਂ ਨੂੰ ਕੁੱਟਦਾ ਹੀ ਗਿਆ |

ਜਿੰਨੀ ਦੇਰ ਤਾਏ ਦੇ ਹੱਥ-ਪੈਰ ਚਲਦੇ ਰਹੇ , ਤਾਏ ਨੇ ਕਦੇ ਆਪਣੀ ਜਿੰਦਗੀ ਨਾਲ ਕੋਈ ਗਿਲਾ ਨਹੀਂ ਕਿਤਾ , ਪਰ ਜਿੰਦਗੀ ਦੇ ਅੰਤਲੇ ਪੜਾਅ  ਚ ਜਦੋਂ ਤਾਇਆ ਸਰੀਰ ਪਖੋਂ ਹਾਰ ਗਿਆ ਤਾਂ ਇਕ ਦਿਨ ਤਾਇਆ ਖੇਤੋਂ ਆਇਆ ਖੂੰਡੀ ਸਰਾਹਣੇ ਕੋਲ ਰੱਖ ਕੇ ਮੰਜੇ ਲੇਟ ਗਿਆ| ਬਾਂਹ ਦਾ ਸਰਾਹਣਾ ਬਣਾ ਕੇ ਦੁੱਜਾ ਹੱਥ ਮੱਥੇ ਤੇ ਰਖ ਅਸਮਾਨ ਵਲ ਘੂਰਨ ਲੱਗ ਪਿਆ ਜਿਵੇਂ ਪ੍ਰਮਾਤਮਾ ਨੂੰ ਕਹਿ ਰਿਹਾ ਹੋਵੇ, ..... ਰੱਬਾ ਤੂੰ ਮੈਨੂੰ ਕਾਲੇ ਰੰਗ ਦਾ ਪੂਰਾ ਠੇਕਾ ਦੇ ਕੇ ਠੀਕ ਨਹੀਂ ਜੇ ਕਿਤਾ ........ਨਹੀਂ ਤਾਂ ਅੱਜ ਮੇਰੀ ਜਨਾਨੀ ਮੇਰੇ ਕੋਲ ਹੁੰਦੀ .........ਮੇਰਾ ...ਮੇਰਾ ਭਰਿਆ –ਪੂਰਾ ਪਰਿਵਾਰ ਹੋਣਾ ਸੀ ...... ਆਹ ਬੁੱਢ-ਵਰੇਸ ਚ ਬੱਚੇ ਮੇਰਾ  ਅੱਗਾ-ਪਿਛ੍ਹਾ ਕਰਦੇ .............ਹੁਣ ਤਾਂ ਮੇਰਾ ਹੁੱਕਾ ਭਰਨ ਵਾਲਾ ਵੀ ਕੋਈ ਨੀ | ਤਾਏ ਨੇ ਇੱਕ ਡੂੰਗਾ ਸਾਹ ਲੈਕੇ ਪਾਸਾ ਲਿਆ ਤੇ ਮੰਜੇ ਦਿਆਂ ਰੱਸੀਆਂ ਉਪਰ ਥੱਲੇ ਕਰਨ ਲੱਗ ਪਿਆ,  ਲੱਗਿਆ  ਜਿਵੇਂ ਤਾਇਆ ਆਪਣੀ ਗੁਜਰ ਚੁੱਕੀ ਤੇ ਬਚ ਗਈ ਜਿੰਦਗੀ ਨੂੰ ਜਮਾਂ ਮਨਫ਼ੀ ਕਰ ਰਿਹਾ ਹੋਵੇ |

           ਹੁਣ ਤਾਇਆ ਸਰੀਰ ਪਖੋਂ ਕਾਫੀ ਕਮਜੋਰ ਹੋ ਗਿਆ ਸੀ ਤੇ  ਬੀਮਾਰ ਵੀ ਰਹਿਣ ਲਗ ਪਿਆ ਸੀ | ਹੋਲੀ-ਹੋਲੀ ਉਸਨੇ ਖੇਤ ਵੰਨੇ ਜਾਣਾ ਵੀ ਘੱਟ ਕਰਤਾ , ਰੋਟੀ ਉਸ ਨੂੰ ਭਰਾ ਦੇ ਘਰੋਂ ਆਣ ਲੱਗ ਪਈ |ਭੈੜੀ ਖੰਘ ਉਸ ਨੂੰ ਏਹਿਜੀ ਚੰਬੜੀ , ਉਸ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ | ਹੁਣ ਉਸ ਦਾ ਜਿਆਦਾ ਵਕਤ ਮੰਜੇ ਤੇ ਹੀ ਗੁਜਰਦਾ | ਬੁਢਾਪਾ ਵੀ ਆਪਣੇ-ਆਪ ਚ ਇਕ ਰੋਗ ਹੈ ,ਡਾਕਟਰ ਕੋਲੋਂ ਲਿਆਂਦੀ ਦਵਾਈ ਦਾ ਉਸ ਤੇ ਰੱਤੀ ਭਰ ਅਸਰ ਨਾਂ ਹੋਇਆ | ਸਰਦੀਆਂ ਦੀ ਕਾਲੀ-ਬੋਲੀ ਰਾਤ ਸੀ ਉਸ ਦਿਨ ਬੜ੍ਹੀ ਜੋਰ ਦਾ ਤੂਫਾਨ ਦੇ ਨਾਲ ਮੀਂਹ ਆਇਆ |ਟਿੰਨਾਂ ਦੇ ਦਰਵਾਜੇ ਦੀ ਖੜ-ਖੜ ਤੇ ਤਾਏ ਦੀ ਖੰਘ  ਉਸ ਤੁਫਾਨੀਂ ਰਾਤ ਨੂੰ ਹੋਰ ਵੀ ਡਰਾਵਣੀ ਬਣਾ ਰਹੀ ਸੀ | ਤਾਏ ਦਾ ਭਰਾ ਮੀਂਹ –ਤੂਫਾਨ ਦੇ ਥਪੇੜੇ ਸਹਿੰਦਾ ਕਿਸੇ ਤਰਾਂ ਨੇੜਲੇ ਕਸਬੇ ਡਾਕਟਰ ਕੋਲ ਗਿਆ, ਡਾਕਟਰ ਨੇ ਦਵਾਈ ਤਾਂ ਦਿੱਤੀ ਪਰ ਨਾਲ ਚਲਣ ਤੋਂ ਅਸਮਰਥਾ ਜਤਾਈ | ਜਦ ਉਸ ਦਾ ਭਰਾ ਦਵਾਈ ਲੈ ਕੇ ਵਾਪਸ ਆਇਆ ਹੋਣੀ ਆਪਣਾ ਤੁਰਪ ਦਾ ਆਖਰੀ ਪੱਤਾ ਸੁੱਟ ਚੁਕੀ ਸੀ |

                    ਤਾਇਆ ਏਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਤੇ ਸਾਡਾ ਪਿੰਡ ਇਕ ਐਸੇ ਇਨਸਾਨ ਤੋਂ ਵਿਰਵਾ ਹੋ ਗਿਆ ਜਿਸਨੇ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਨੀ ਕੀਤਾ ਤੇ ਛੜਾ ਹੋਣ ਦੇ ਬਾਵਜੂਦ ਕਦੇ ਕਿਸੇ ਦੀ ਧੀ –ਭੈਣ ਵੱਲ ਅੱਖ ਚੁੱਕ ਨੀ ਵੇਖਿਆ ਅਸਲ ਚ ਓਹ ਸਾਰੇ ਹੀ ਪਿੰਡ ਦਾ ਤਾਇਆ ਸੀ |

 

ਗੁਰਮੁਖ ਸਿੰਘ “ਸੈਣੀ”

 

 

                

       

No comments:

Post a Comment